ਬੰਦ ਦਾ ਅਸਰ

ਬੀਤੀ ਸ਼ਾਮ ਜਦੋਂ ਪਤਾ ਚਲਿਆ ਕਿ ਸਵੇਰੇ ਕੁਝ ਸਭਾਵਾਂ ਵੱਲੋਂ ਬੰਦ ਦੀ ਕਾਲ ਹੈ ਤਾਂ ਮੈਂ ਸੋਚਿਆ ਕਿ ਪਹਿਲਾਂ ਹੀ ਤਿੰਨ ਦਿਨ ਦੀ ਛੁੱਟੀ ਤੋਂ ਬਾਅਦ ਦਫਤਰ ਜਾਣਾ ਸੀ ਤੇ ਉਪਰੋਂ ਸਵੇਰੇ ਬੰਦ ਦੀ ਕਾਲ , ਪਤਾ ਨਹੀਂ ਕੀ ਹੋਏਗਾ ਸਵੇਰੇ ਤਾਂ ਮਨ ਬਣਾ ਲਿਆ ਕਿ ਸਵੇਰੇ ਸੂਰਤੇ ਹੀ ਦਫਤਰ ਜਾ ਕੇ ਕੰਮ ਨਭੇੜ ਲਵਾਂ, ਕੀ ਪਤਾ ਕੀ ਹੋਵੇਗਾ ਬਾਅਦ ਵਿੱਚ l

ਸਵੇਰੇ 6 ਵਜੇ ਮੈਂ ਆਪਣੇ ਦਫਤਰ ਪਹੁੰਚ ਗਿਆ ਤੇ 8 ਵਜੇ ਤੱਕ ਜਰੂਰੀ ਕੰਮ ਖਤਮ ਕਰਕੇ ਨਾਸ਼ਤਾ ਕਰਨ ਲਈ ਘਰ ਵੱਲ ਨੂੰ ਤੁਰਿਆ ਤਾਂ ਕੁਝ ਦਿਹਾੜੀਦਾਰ ਸਾਈਕਲ ਉੱਪਰ ਆਪਣੀ ਰੋਜ਼ ਦੀ ਦਿਨ ਚਰਿਆ ਅਨੁਸਾਰ ਚੋਂਕ ਵੱਲ ਨੂੰ ਜਾਉਂਦੇ ਨਜ਼ਰ ਆਏ ਅਤੇ ਜਦੋਂ ਚੋਂਕ ਵਿੱਚ ਦਿਹਾੜੀ ਲਈ ਖੜੇ ਹੋਣ ਵਾਲੇ ਦਿਹਾੜੀਦਾਰ ਆਪਣੀ ਰੋਜ਼ੀ ਰੋਟੀ ਲਈ ਇੱਕਠੇ ਹੋਣਾ ਸ਼ੁਰੂ ਹੋ ਰਹੇ ਸਨ ਤਾਂ ਆਚਾਨਕ ਕੁਝ ਵਿਅਕਤੀਆਂ ਵੱਲੋਂ ਉਹਨਾਂ ਨੂੰ ਆ ਕੇ ਕਿਹਾ ਜਾਂਦਾ ਹੈ ਕਿ ਚੋਂਕ ਪੂਰੀ ਤਰ੍ਹਾਂ ਖਾਲੀ ਕਰ ਦੇਣ l

ਜਿੰਨੀ ਦੇਰ ਤੱਕ ਉਹ ਕੁਝ ਸਮਝਦੇ ਉੰਨੀ ਦੇਰ ਤੱਕ ਪੁਲਿਸ ਮੁਲਾਜਮਾਂ ਵੱਲੋਂ ਉਥੇ ਪਹੁੰਚ ਕੇ ਚੋਂਕ ਖਾਲੀ ਕਰਵਾ ਲਿਆ ਗਿਆ l

ਉਹਨਾਂ ਦਿਹਾੜੀਦਾਰਾਂ ਵਿਚੋਂ ਇੱਕ ਦਿਹਾੜੀਦਾਰ ਬੜੇ ਹੀ ਉਤਰੇ ਹੋਏ ਮਨ ਨਾਲ ਆਪਣਾ ਸਾਈਕਲ ਮੋੜਦਾ ਹੈ ਅਤੇ ਦੋ ਮਿੰਟ ਉਥੇ ਖੜਾ ਰਹਿੰਦਾ ਹੈ,  ਸ਼ਾਇਦ ਉਹ ਸੋਚ ਰਿਹਾ ਸੀ ਕਿ ਹੁਣ ਉਹ ਕਿਧਰ ਜਾਏਗਾ l

ਇਹ ਸਾਰਾ ਕੁਝ ਮੈਂ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਸੀ ਅਤੇ ਮੇਰੇ ਮਨ ਵਿੱਚ ਆਇਆ ਕਿ ਉਸ ਨੂੰ ਜਾ ਕੇ ਪੁਛਾਂ ਕਿ ਉਹ ਇਹਨਾਂ ਉਦਾਸ ਕਿਓਂ ਹੈ l

ਮੈਂ ਉਸ ਨਾਲ ਗੱਲ ਕਰਨ ਬਾਰੇ ਸੋਚ ਹੀ ਰਿਹਾ ਸੀ ਕਿ ਉਸ ਨੇ ਆਪਣਾ ਸਾਈਕਲ ਮੇਰੇ ਵੱਲ ਨੂੰ ਚਲਾਉਣਾ ਸ਼ੁਰੂ ਕੀਤਾ l ਅਖੀਰ ਮੈਂ ਉਸ ਨੂੰ ਰੋਕ ਕੇ ਪੁਛਿਆ – ਪਾਜੀ ਕੀ ਹੋਇਆ? ਚੇਹਰਾ ਕਾਤੋਂ ਉਤਰਿਆ ਹੋਇਆ ਹੈ l

ਮੇਰੀ ਇੰਨੀ ਗਲ ਸੁਣਦਿਆਂ ਹੀ ਉਸ ਦੇ ਅਖਾਂ ਵਿਚੋਂ ਇੱਕ ਹੰਜੂ ਨਿਕਲਦਾ ਹੈ, ਜਿਸ ਨੂੰ ਦੇਖ ਕੇ ਮੇਰਾ ਮਨ ਵੀ ਭਰ ਗਿਆ l

ਸ਼ਾਇਦ ਜੋ ਉਹ ਕਹਿਣਾ ਚਾਹੁੰਦਾ ਸੀ , ਉਸ ਨੂੰ ਮੇਰੀ ਰੂਹ ਨੇ ਪਹਿਲਾਂ ਹੀ ਮਹਿਸੂਸ ਕਰ ਲਿਆ ਸੀ l

ਫਿਰ ਵੀ ਮੈਂ ਦੁਬਾਰਾ ਉਸ ਨੂੰ ਪੁਛਿਆ ਤਾਂ ਉਸ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਸਿਹਤ ਠੀਕ ਨਾ ਹੋਣ ਕਰਕੇ ਦਿਹਾੜੀ ਤੇ ਨਹੀਂ ਜਾ ਸਕਿਆ, ਘਰ ਦਾ ਰਾਸ਼ਨ – ਪਾਣੀ ਵੀ ਖਤਮ ਹੈ , ਬੀਤੀ ਰਾਤ ਬੱਚੇ ਭੁੱਖੇ ਹੀ ਰੋ – ਰੋ ਕੇ ਸੋ ਗਏ l ਅੱਜ ਵੀ ਸਿਹਤ ਠੀਕ ਨਹੀਂ ਸੀ ਪਰ ਬੱਚਿਆਂ ਦੀ ਹਾਲਤ ਦੇਖੀ ਨਹੀਂ ਜਾ ਸਕੀ ਅਤੇ ਸਾਈਕਲ ਚੁੱਕ ਕੇ ਦਿਹਾੜੀ ਲਭਣ ਲਈ ਤੁਰ ਪਿਆ ਪਰ ਇਥੇ ਆਉਂਦਿਆਂ ਹੀ ਵਾਪਸ ਭੇਜ ਦਿੱਤਾ , ਕਹਿੰਦੇ ਹਨ ਕਿ ਅੱਜ ਸਭ ਬੰਦ ਹੈ l ਮੇਰਾ ਪਰਿਵਾਰ ਜੋ ਕੱਲ ਦਾ ਰੋਟੀ ਲਈ ਤਰਸ ਰਿਹਾ ਹੈ ਅੱਜ ਮੇਰੇ ਸਵੇਰੇ ਸਾਈਕਲ ਚੁੱਕਣ ਲੱਗਿਆ ਜੋ ਉਹਨਾਂ ਦੇ ਚੇਹਰੇ ਤੇ ਸੁਕੂਨ ਸੀ ਉਹ ਬਾਰ ਬਾਰ ਮੇਰੇ ਅੱਖਾਂ ਸਾਹਮਣੇ ਆ ਰਿਹਾ ਹੈ ਕਿ ਹੁਣ ਮੈਂ ਕੀ ਮੁੰਹ ਲੈ ਕੇ ਵਾਪਿਸ ਜਾਵਾਂ l

ਦਿਲ ਨੂੰ ਛੂ ਲੈਣ ਵਾਲੇ ਉਸ ਦੇ ਹਲਾਤਾਂ ਨੂੰ ਸੁਣ ਕੇ ਮੇਰਾ ਦਿਲ ਤੇ ਦਿਮਾਗ ਸੁੰਨ ਹੋ ਚੁੱਕਾ ਸੀ l

ਮੈਂ ਉਸ ਨੂੰ ਕਿਹਾ ਕਿ ਚੱਲ ਮੈਂ ਤੈਨੂੰ ਕੰਮ ਦਿਵਾਉਂਦਾ ਹਾਂ, ਤੂੰ ਸਾਈਕਲ ਤੇ ਮੇਰੇ ਪਿਛੇ ਪਿਛੇ ਆ l ਇਹਨਾਂ ਸੁਣਦਿਆਂ ਹੀ ਉਹ ਮੇਰੇ ਪਿਛੇ ਪਿਛੇ ਆਉਣ ਲੱਗਿਆ ਤੇ ਮੈਂ ਉਸ ਨੂੰ ਆਪਨੇ ਘਰ ਲੈ ਗਿਆ l ਮੈਂ ਕਾਫੀ ਦਿਨਾਂ ਤੋਂ ਆਪਣੇ ਘਰ ਵਿੱਚ ਪਏ ਕਬਾੜ ਨੂੰ ਕਢ ਕੇ ਸਫਾਈ ਕਰਵਾਉਣ ਬਾਰੇ ਸੋਚ ਰਿਹਾ ਸੀ l ਸਭ ਤੋਂ ਪਹਿਲਾਂ ਮੈਂ ਉਸ ਨੂੰ ਦਾਲ ਅਤੇ ਆਟਾ ਦੇ ਕੇ ਉਸ ਨੂੰ ਉਸਦੇ ਘਰ ਭੇਜਿਆ ਕਿ ਉਹ ਆਪਣੇ ਪਰਿਵਾਰ ਨੂੰ ਪਹਿਲਾਂ ਰੋਟੀ ਖਵਾਵੇ ਤੇ ਉਹ ਖੁੱਦ ਰੋਟੀ ਮੇਰੇ ਨਾਲ ਆ ਕੇ ਖਾਵੇ l ਫਿਰ ਉਹ ਅਧੇ ਘੰਟੇ ਬਾਅਦ ਮੇਰੇ ਕੋਲ ਵਾਪਿਸ ਆਇਆ ਪਹਿਲਾਂ ਅਸੀਂ ਰੋਟੀ ਖਾਦੀ ਫਿਰ ਉਸ ਨੂੰ ਮੈਂ ਸਾਰਾ ਕੰਮ ਵੀ ਸਮਝਾਇਆ l ਉਸ ਨੇ ਬੜੀ ਲਗਨ ਨਾਲ ਸਾਰਾ ਕੰਮ ਕੀਤਾ ਅਤੇ ਅਖੀਰ ਉਸ ਨੂੰ ਮੈਂ ਉਸਦੇ ਮਤਲਬ ਦਾ ਸਮਾਨ ਉਸ ਨੂੰ ਲੈ ਕੇ ਜਾਣ ਲਈ ਕਿਹਾ ਤਾਂ ਉਹ ਬੜਾ ਹੀ ਖੁਸ਼ ਹੋਇਆ ਅਤੇ ਮੇਰਾ ਮਨ ਵੀ ਬੜਾ ਖੁਸ਼ ਸੀ l

ਦੋਸਤੋ ਆਪਾਂ ਰਸਤੇ ਤਾਂ ਬੰਦ ਕਰ ਸਕਦੇ ਹਾਂ ਪਰ ਦਿਲਾਂ ਨੂੰ ਜਾਂਦੇ ਰਾਹਾਂ ਨੂੰ ਬੰਦ ਕਰਨਾ ਕਿਸੇ ਦੇ ਵਸ ਚ’ ਨਹੀਂ ਹੈ l ਸਾਨੂੰ protest ਕਰਨ ਦਾ ਅਧਿਕਾਰ ਤਾਂ ਹੈ ਪਰ ਕਿਸੇ ਗਰੀਬ ਦੀ ਰੋਜ਼ੀ ਰੋਟੀ ਨੂੰ ਲੱਤ ਮਾਰਨ ਦਾ ਅਧਿਕਾਰ ਸਾਡੇ ਕੋਲ ਨਹੀਂ ਹੈ l ਜੇ ਕੋਈ ਇਨਸਾਨ ਸੱਚਾ ਹੈ, ਇਮਾਨਦਾਰ ਹੈ ਅਤੇ ਆਪਣੇ ਕਰਮਾਂ ਨਾਲ ਚੰਗੀ ਤਰ੍ਹਾਂ ਵਾਕਫ ਹੈ ਤਾਂ ਉਸ ਲਈ ਕੁਝ ਚੰਗਾ ਕਰਨ ਲਈ ਸਾਨੂੰ ਇੱਕ ਮਿੰਟ ਦੀ ਦੇਰੀ ਨਹੀਂ ਕਰਨੀ ਚਾਹੀਦੀ l  

  • ਹਿਮਾਂਸ਼ੂ ਅਰੋੜਾ l

Leave a Reply